1 hour ago
Swift News
ਬੈੱਲ ਕੈਨੇਡਾ ਨੇ ਪੁਸ਼ਟੀ ਕੀਤੀ ਹੈ ਕਿ ਪਿਛਲੇ ਹਫ਼ਤੇ ਹੋਏ ਸਾਈਬਰ ਹਮਲੇ ਦੌਰਾਨ ਕੁਝ ਗਾਹਕਾਂ ਦੀ ਨਿੱਜੀ ਜਾਣਕਾਰੀ ਤੱਕ ਗੈਰ-ਕਾਨੂੰਨੀ ਪਹੁੰਚ ਬਣਾਈ ਗਈ। ਕੰਪਨੀ ਵੱਲੋਂ ਸੋਮਵਾਰ ਸਵੇਰੇ ਗਾਹਕਾਂ ਨੂੰ ਭੇਜੀ ਈਮੇਲ ਮੁਤਾਬਕ, ਪਿਛਲੇ ਮੰਗਲਵਾਰ ਇੱਕ ਅਣਪਛਾਤੇ ਵਿਅਕਤੀ ਨੇ ਬੈੱਲ ਦੇ ਅੰਦਰੂਨੀ ਸਿਸਟਮ ਤੱਕ ਬਿਨਾਂ ਇਜਾਜ਼ਤ ਪਹੁੰਚ ਹਾਸਲ ਕੀਤੀ। ਪ੍ਰਭਾਵਿਤ ਜਾਣਕਾਰੀ ਵਿੱਚ ਗਾਹਕਾਂ ਦੇ ਨਾਂ, ਡਾਕ ਪਤੇ, ਫੋਨ ਨੰਬਰ, ਈਮੇਲ ਪਤੇ, ਅਕਾਊਂਟ ਨੰਬਰ, ਵਰਤੇ ਜਾ ਰਹੇ ਉਤਪਾਦਾਂ ਦੀ ਜਾਣਕਾਰੀ ਅਤੇ ਆਖਰੀ ਭੁਗਤਾਨ ਦੀ ਤਰੀਕ ਤੇ ਰਕਮ ਸ਼ਾਮਲ ਹੋ ਸਕਦੀ ਹੈ। ਹਾਲਾਂਕਿ, ਕੰਪਨੀ ਨੇ ਕਿਹਾ ਹੈ ਕਿ ਕ੍ਰੈਡਿਟ ਕਾਰਡ ਨੰਬਰਾਂ ਜਾਂ ਬੈਂਕ ਖਾਤਿਆਂ ਵਰਗੀ ਬੇਹੱਦ ਸੰਵੇਦਨਸ਼ੀਲ ਜਾਣਕਾਰੀ ਪ੍ਰਭਾਵਿਤ ਨਹੀਂ ਹੋਈ। ਬੈੱਲ ਮੁਤਾਬਕ, ਹਮਲੇ ਦਾ ਪਤਾ ਲੱਗਦਿਆਂ ਹੀ ਸ਼ੱਕੀ ਵਿਅਕਤੀ ਦੀ ਪਹੁੰਚ ਬੰਦ ਕਰ ਦਿੱਤੀ ਗਈ ਅਤੇ ਐਮਰਜੈਂਸੀ ਸੁਰੱਖਿਆ ਕਦਮ ਚੁੱਕੇ ਗਏ। ਕੰਪਨੀ ਸਾਰੇ ਸਿਸਟਮਾਂ ਦੀ ਨਿਗਰਾਨੀ ਕਰ ਰਹੀ ਹੈ ਅਤੇ ਜਾਂਚ ਲਈ ਆਰ.ਸੀ.ਐੱਮ.ਪੀ. ਦੀ ਸਾਈਬਰ ਕ੍ਰਾਈਮ ਯੂਨਿਟ ਨਾਲ ਵੀ ਸੰਪਰਕ ਕੀਤਾ ਗਿਆ ਹੈ। ਬੈੱਲ ਨੇ ਗਾਹਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਕੰਪਨੀ ਦੇ ਨਾਂ ’ਤੇ ਆਉਣ ਵਾਲੀਆਂ ਸ਼ੱਕੀ ਕਾਲਾਂ, ਈਮੇਲਾਂ ਅਤੇ ਟੈਕਸਟ ਸੁਨੇਹਿਆਂ ਤੋਂ ਸਾਵਧਾਨ ਰਹਿਣ ਅਤੇ ਅਣਜਾਣ ਲਿੰਕਾਂ ’ਤੇ ਕਲਿੱਕ ਨਾ ਕਰਨ ਜਾਂ ਸ਼ੱਕੀ ਫਾਈਲਾਂ ਡਾਊਨਲੋਡ ਨਾ ਕਰਨ।