20 hours ago
Swift News
ਸਰੀ ਸ਼ਹਿਰ ਵਿੱਚ 2024 ਦੌਰਾਨ ਘਰ ਵਿੱਚ ਦਾਖ਼ਲ ਹੋ ਕੇ 30 ਸਾਲਾ ਟੋਰੀ ਡਨ ਦਾ ਕਤਲ ਕਰਨ ਦੇ ਮਾਮਲੇ ਵਿੱਚ ਐਡਮ ਮੈਨ ਨੂੰ ਦੂਜੇ ਦਰਜੇ ਦੇ ਕਤਲ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਬੀ.ਸੀ. ਪ੍ਰੋਸੀਕਿਊਸ਼ਨ ਸਰਵਿਸ ਮੁਤਾਬਕ, ਨਿਊ ਵੈਸਟਮਿੰਸਟਰ ਦੀ ਅਦਾਲਤ ਵਿੱਚ ਜਿਊਰੀ ਨੇ ਬੁੱਧਵਾਰ ਨੂੰ ਇਹ ਫ਼ੈਸਲਾ ਸੁਣਾਇਆ। ਇਹ ਘਟਨਾ 16 ਜੂਨ, 2024 ਨੂੰ ਸਰੀ ਦੇ ਪੋਰਟ ਕੈਲਜ਼ ਇਲਾਕੇ ਵਿੱਚ ਵਾਪਰੀ ਸੀ, ਜਿੱਥੇ ਟੋਰੀ ਡਨ ਨੂੰ ਚਾਕੂ ਮਾਰਿਆ ਗਿਆ ਸੀ ਅਤੇ ਜ਼ਖ਼ਮਾਂ ਕਾਰਨ ਉਸ ਦੀ ਮੌਤ ਹੋ ਗਈ ਸੀ। ਜਾਂਚ ਦੌਰਾਨ ਚਾਕੂ ਦੇ ਹੈਂਡਲ ਤੋਂ ਐਡਮ ਮੈਨ ਦਾ ਡੀਐਨਏ ਮਿਲਿਆ ਸੀ, ਜਦਕਿ ਚਾਕੂ ’ਤੇ ਡਨ ਦਾ ਖ਼ੂਨ ਵੀ ਸੀ। ਮੈਨ ਨੇ ਅਦਾਲਤ ਵਿੱਚ ਦਾਅਵਾ ਕੀਤਾ ਸੀ ਕਿ ਉਸ ਨੇ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਸੜਕ ਕਿਨਾਰੇ ਤੋਂ ਚਾਕੂ ਚੁੱਕਿਆ ਸੀ। ਇਹ ਮਾਮਲਾ ਜ਼ਮਾਨਤ ਪ੍ਰਣਾਲੀ ਬਾਰੇ ਚਰਚਾ ਦਾ ਵਿਸ਼ਾ ਬਣਿਆ ਸੀ, ਕਿਉਂਕਿ ਮੈਨ ਇੱਕ ਹੋਰ ਗੰਭੀਰ ਹਮਲੇ ਦੇ ਮਾਮਲੇ ਵਿੱਚ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਸੀ ਅਤੇ ਜ਼ਮਾਨਤ ’ਤੇ ਰਿਹਾਅ ਸੀ। ਟੋਰੀ ਡਨ ਦੇ ਪਰਿਵਾਰ ਨੇ ਉਸ ਦੀ ਰਿਹਾਈ ਦੇ ਫ਼ੈਸਲੇ ਦੀ ਸਮੀਖਿਆ ਅਤੇ ਕਾਨੂੰਨੀ ਸੁਧਾਰਾਂ ਦੀ ਮੰਗ ਕੀਤੀ ਸੀ। ਰਿਕਾਰਡ ਮੁਤਾਬਕ, ਮੈਨ ਦਾ ਪੁਰਾਣਾ ਅਪਰਾਧਿਕ ਇਤਿਹਾਸ ਵੀ ਰਿਹਾ ਹੈ ਅਤੇ 2009 ਵਿੱਚ ਉਸ ਨੂੰ ਡਕੈਤੀ ਤੇ ਹਥਿਆਰਾਂ ਨਾਲ ਸਬੰਧਤ ਅਪਰਾਧਾਂ ਲਈ 12 ਸਾਲ ਦੀ ਕੈਦ ਸੁਣਾਈ ਗਈ ਸੀ। ਹੁਣ ਅਦਾਲਤ ਵਿੱਚ ਅਗਲੇ ਵੀਰਵਾਰ ਨੂੰ ਸਜ਼ਾ ਸੁਣਾਉਣ ਦੀ ਤਾਰੀਖ਼ ਤੈਅ ਕੀਤੀ ਜਾਵੇਗੀ।