5 hours ago
Swift News
ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ (CREA) ਨੇ ਸਾਲ 2026 ਵਿੱਚ ਘਰਾਂ ਦੀ ਵਿਕਰੀ ਬਾਰੇ ਆਪਣੇ ਅਨੁਮਾਨ ਨੂੰ ਲਗਾਤਾਰ ਤੀਜੀ ਤਿਮਾਹੀ ਵਿੱਚ ਘਟਾ ਦਿੱਤਾ ਹੈ। ਐਸੋਸੀਏਸ਼ਨ ਮੁਤਾਬਕ, ਇਸ ਸਾਲ ਦੇ ਅੰਤ ਤੱਕ ਕੈਨੇਡਾ ਵਿੱਚ ਲਗਭਗ 4 ਲੱਖ 44 ਹਜ਼ਾਰ 530 ਘਰ ਵਿਕਣ ਦੀ ਉਮੀਦ ਹੈ, ਜੋ 2025 ਦੇ ਮੁਕਾਬਲੇ 5.2 ਫ਼ੀਸਦੀ ਘੱਟ ਹੈ। ਇਸ ਤੋਂ ਪਹਿਲਾਂ ਜੁਲਾਈ ਵਿੱਚ ਵਿਕਰੀ ਵਿੱਚ ਸਿਰਫ਼ 1.4 ਫ਼ੀਸਦੀ ਗਿਰਾਵਟ ਦਾ ਅਨੁਮਾਨ ਲਾਇਆ ਗਿਆ ਸੀ। CREA ਨੇ ਇਹ ਵੀ ਅਨੁਮਾਨ ਲਾਇਆ ਹੈ ਕਿ 2026 ਵਿੱਚ ਕੈਨੇਡਾ ਵਿੱਚ ਘਰਾਂ ਦੀ ਔਸਤ ਕੀਮਤ ਸਾਲਾਨਾ ਆਧਾਰ ’ਤੇ 0.2 ਫ਼ੀਸਦੀ ਵਧ ਕੇ 6 ਲੱਖ 81 ਹਜ਼ਾਰ 681 ਡਾਲਰ ਰਹਿ ਸਕਦੀ ਹੈ। ਹਾਲਾਂਕਿ, ਇਹ ਅਨੁਮਾਨ ਗਰਮੀਆਂ ਵਿੱਚ ਲਾਏ ਗਏ ਅਨੁਮਾਨ ਨਾਲੋਂ ਲਗਭਗ 5 ਹਜ਼ਾਰ ਡਾਲਰ ਘੱਟ ਹੈ। ਸਤੰਬਰ ਵਿੱਚ ਘਰਾਂ ਦੀ ਵਿਕਰੀ ਪਿਛਲੇ ਸਾਲ ਨਾਲੋਂ 7.7 ਫ਼ੀਸਦੀ ਅਤੇ ਅਗਸਤ ਦੇ ਮੁਕਾਬਲੇ 2.3 ਫ਼ੀਸਦੀ ਘਟੀ। CREA ਦੇ ਸੀਨੀਅਰ ਅਰਥਸ਼ਾਸਤਰੀ ਸ਼ੌਨ ਕੈਥਕਾਰਟ ਮੁਤਾਬਕ, ਮੌਰਗੇਜ ਦੀਆਂ ਫਿਕਸਡ ਵਿਆਜ ਦਰਾਂ ਵਿੱਚ ਹਾਲ ਹੀ ਦੇ ਵਾਧੇ ਨੇ ਹਾਊਸਿੰਗ ਮਾਰਕੀਟ ’ਤੇ ਦਬਾਅ ਪਾਇਆ ਹੈ। ਜੇਕਰ ਬੈਂਕ ਆਫ਼ ਕੈਨੇਡਾ ਮਹਿੰਗਾਈ ਕਾਬੂ ਕਰਨ ਲਈ ਵਿਆਜ ਦਰਾਂ ਵਧਾਉਂਦਾ ਹੈ, ਤਾਂ ਘਰ ਖਰੀਦਣਾ ਹੋਰ ਮਹਿੰਗਾ ਹੋ ਸਕਦਾ ਹੈ। ਮਾਹਿਰਾਂ ਮੁਤਾਬਕ, ਇਸ ਅਨਿਸ਼ਚਿਤਤਾ ਕਾਰਨ ਕੁਝ ਖਰੀਦਦਾਰ ਫਿਲਹਾਲ ਘਰ ਖਰੀਦਣ ਦਾ ਫ਼ੈਸਲਾ ਟਾਲ ਸਕਦੇ ਹਨ।