7 hours ago
Swift News
ਸਰੀ ਦੀ ਮੇਅਰ ਦੀ ਕੁਰਸੀ ’ਤੇ ਇੱਕ ਵਾਰ ਫਿਰ ਡੱਗ ਮੈਕੈਲਮ ਦੀ ਵਾਪਸੀ ਹੋਈ ਹੈ। ਸੇਫ ਸਰੀ ਕੋਲੀਸ਼ਨ ਦੇ ਉਮੀਦਵਾਰ ਡੱਗ ਮੈਕੈਲਮ ਨੇ ਸ਼ਨੀਵਾਰ ਨੂੰ ਹੋਈਆਂ ਮਿਊਂਸਪਲ ਚੋਣਾਂ ਵਿੱਚ ਮੌਜੂਦਾ ਮੇਅਰ ਬਰੈਂਡਾ ਲੌਕ ਨੂੰ ਹਰਾ ਦਿੱਤਾ ਹੈ। ਲਗਭਗ ਸਾਰੇ ਪੋਲਾਂ ਦੀ ਗਿਣਤੀ ਮੁਕੰਮਲ ਹੋਣ ਤੱਕ ਮੈਕੈਲਮ ਕਰੀਬ 12 ਹਜ਼ਾਰ ਵੋਟਾਂ ਨਾਲ ਅੱਗੇ ਸਨ। ਆਪਣੀ ਜਿੱਤ ਦੇ ਭਾਸ਼ਣ ਵਿੱਚ 82 ਸਾਲਾ ਮੈਕੈਲਮ ਨੇ ਕਿਹਾ ਕਿ ਉਹ ਸਰੀ ਅਤੇ ਇੱਥੋਂ ਦੇ ਲੋਕਾਂ ਨੂੰ ਪਿਆਰ ਕਰਦੇ ਹਨ ਅਤੇ ਸ਼ਹਿਰ ਨੂੰ ਅਜਿਹਾ ਬਣਾਉਣਾ ਚਾਹੁੰਦੇ ਹਨ, ਜਿੱਥੇ ਪਰਿਵਾਰ ਰਹਿ ਸਕਣ, ਲੋਕਾਂ ਨੂੰ ਰੁਜ਼ਗਾਰ ਮਿਲੇ ਅਤੇ ਸ਼ਹਿਰ ਦਾ ਹੋਰ ਵਿਕਾਸ ਹੋਵੇ। ਉਨ੍ਹਾਂ ਨੇ ਮਨਦੀਪ ਸਿੰਘ ਨਾਗਰਾ ਨੂੰ ਡਿਪਟੀ ਮੇਅਰ ਬਣਾਉਣ ਦਾ ਐਲਾਨ ਵੀ ਕੀਤਾ। ਮੈਕੈਲਮ ਇਸ ਤੋਂ ਪਹਿਲਾਂ 1996 ਤੋਂ 2005 ਅਤੇ ਫਿਰ 2018 ਤੋਂ 2022 ਤੱਕ ਸਰੀ ਦੇ ਮੇਅਰ ਰਹਿ ਚੁੱਕੇ ਹਨ। 2022 ਵਿੱਚ ਉਹ ਬਰੈਂਡਾ ਲੌਕ ਤੋਂ ਚੋਣ ਹਾਰ ਗਏ ਸਨ। ਹਾਰ ਸਵੀਕਾਰ ਕਰਦਿਆਂ ਲੌਕ ਨੇ ਕਿਹਾ ਕਿ ਸਰੀ ਦੇ ਮੇਅਰ ਵਜੋਂ ਚਾਰ ਸਾਲ ਸੇਵਾ ਕਰਨਾ ਉਨ੍ਹਾਂ ਲਈ ਜ਼ਿੰਦਗੀ ਦਾ ਮਾਣ ਵਾਲਾ ਤਜਰਬਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਚੋਣ ਨਤੀਜੇ ਉਨ੍ਹਾਂ ਦੀ ਉਮੀਦ ਅਤੇ ਚੋਣ ਪ੍ਰਚਾਰ ਦੌਰਾਨ ਮਿਲੇ ਫੀਡਬੈਕ ਤੋਂ ਵੱਖਰੇ ਸਨ। ਪਿਛਲੇ ਚਾਰ ਸਾਲਾਂ ਦੌਰਾਨ ਸਰੀ ਵਿੱਚ ਪੁਲਿਸ ਸੇਵਾ ਵਿੱਚ ਤਬਦੀਲੀ, ਜਬਰਨ ਵਸੂਲੀ ਦੀਆਂ ਘਟਨਾਵਾਂ, ਜਨਤਕ ਸੁਰੱਖਿਆ, ਪ੍ਰਾਪਰਟੀ ਟੈਕਸ ਅਤੇ ਤੇਜ਼ੀ ਨਾਲ ਵਧ ਰਹੀ ਆਬਾਦੀ ਲਈ ਬੁਨਿਆਦੀ ਸਹੂਲਤਾਂ ਵਰਗੇ ਮੁੱਦੇ ਚਰਚਾ ਵਿੱਚ ਰਹੇ।