5 hours ago
Swift News
ਬਰਨਬੀ ਸਕੂਲ ਡਿਸਟ੍ਰਿਕਟ ’ਤੇ ਹੋਏ ਸਾਈਬਰ ਹਮਲੇ ਤੋਂ ਬਾਅਦ ਰੂਸ ਨਾਲ ਜੁੜੇ ਹੈਕਰ ਗਰੁੱਪ ‘ਕਿਲਿਨ’ ਨੇ ਚੋਰੀ ਕੀਤੇ ਡਾਟਾ ਦੇ ਸਕ੍ਰੀਨਸ਼ਾਟ ਡਾਰਕ ਵੈੱਬ ’ਤੇ ਪੋਸਟ ਕੀਤੇ ਹਨ। ਗਰੁੱਪ ਦਾ ਦਾਅਵਾ ਹੈ ਕਿ ਉਸ ਕੋਲ ਸਕੂਲ ਡਿਸਟ੍ਰਿਕਟ ਦੀਆਂ ਫਾਈਲਾਂ ਮੌਜੂਦ ਹਨ, ਜਿਨ੍ਹਾਂ ਵਿੱਚ ਵਿਦਿਆਰਥੀਆਂ ਅਤੇ ਸਟਾਫ ਦੀ ਨਿੱਜੀ ਜਾਣਕਾਰੀ, ਮੈਡੀਕਲ ਰਿਕਾਰਡ ਅਤੇ ਸਿੱਖਣ ਸਬੰਧੀ ਮੁਲਾਂਕਣ ਸ਼ਾਮਲ ਹਨ। ਸਕ੍ਰੀਨਸ਼ਾਟ ਵਿੱਚ ‘ਹੈਰਾਸਮੈਂਟ ਇਨਵੈਸਟੀਗੇਸ਼ਨ’, ‘ਡਿਸਿਪਲਿਨ’, ‘ਪੇਰੋਲ’ ਅਤੇ ‘ਮੈਂਟਲ ਹੈਲਥ ਐਂਡ ਵੈਲਨੈੱਸ’ ਵਰਗੇ ਫੋਲਡਰ ਦਿਖਾਈ ਦਿੰਦੇ ਹਨ। ਹਾਲਾਂਕਿ, ਸੀ.ਬੀ.ਸੀ. ਨਿਊਜ਼ ਨੇ ਇਨ੍ਹਾਂ ਫਾਈਲਾਂ ਦੀ ਅਸਲ ਸਮੱਗਰੀ ਨਹੀਂ ਦੇਖੀ ਅਤੇ ਡਾਟਾ ਚੋਰੀ ਹੋਣ ਦੀ ਪੂਰੀ ਹੱਦ ਦੀ ਪੁਸ਼ਟੀ ਨਹੀਂ ਹੋਈ। ਸਕੂਲ ਡਿਸਟ੍ਰਿਕਟ ਮੁਤਾਬਕ 21 ਸਤੰਬਰ ਨੂੰ ਹੈਕਰਾਂ ਨੇ ਇਸ ਦੇ ਕੰਪਿਊਟਰ ਸਿਸਟਮ ਤੱਕ ਪਹੁੰਚ ਬਣਾਈ ਸੀ। ਸੁਪਰਡੈਂਟ ਕਰੀਮ ਹਾਚਲਾਫ ਨੇ ਕਿਹਾ ਸੀ ਕਿ ਜ਼ਿਆਦਾਤਰ ਵਿਦਿਆਰਥੀਆਂ, ਮਾਪਿਆਂ ਅਤੇ ਸਰਪ੍ਰਸਤਾਂ ਦੀ ਜਾਣਕਾਰੀ ਸੁਰੱਖਿਅਤ ਹੈ, ਪਰ ਕੁਝ ਮਾਮਲਿਆਂ ਵਿੱਚ ਵਿਦਿਆਰਥੀਆਂ ਦੇ ਰਿਕਾਰਡ ਅਤੇ ਮੁਲਾਂਕਣ ਪ੍ਰਭਾਵਿਤ ਹੋਏ ਹਨ। ਡਿਸਟ੍ਰਿਕਟ ਨੇ ਜਾਂਚ ਲਈ ਬਾਹਰੀ ਮਾਹਿਰਾਂ ਦੀ ਮਦਦ ਲਈ ਹੈ। ਸਾਈਬਰ ਸੁਰੱਖਿਆ ਮਾਹਿਰਾਂ ਮੁਤਾਬਕ ‘ਕਿਲਿਨ’ ਰੈਨਸਮਵੇਅਰ-ਐਜ਼-ਏ-ਸਰਵਿਸ ਮਾਡਲ ’ਤੇ ਕੰਮ ਕਰਦਾ ਹੈ, ਜਿਸ ਵਿੱਚ ਇਹ ਹੋਰ ਹੈਕਰਾਂ ਨੂੰ ਸਾਈਬਰ ਹਮਲੇ ਕਰਨ ਲਈ ਟੂਲ ਮੁਹੱਈਆ ਕਰਵਾਉਂਦਾ ਹੈ ਅਤੇ ਫਿਰ ਫਿਰੌਤੀ ਦੀ ਰਕਮ ਵਿੱਚੋਂ ਹਿੱਸਾ ਲੈਂਦਾ ਹੈ। ਮਾਹਿਰਾਂ ਨੇ ਮਾਪਿਆਂ ਨੂੰ ਸਾਵਧਾਨ ਰਹਿਣ ਅਤੇ ਬਿਨਾਂ ਪੁਸ਼ਟੀ ਕਿਸੇ ਨੂੰ ਦੋਸ਼ ਨਾ ਦੇਣ ਦੀ ਸਲਾਹ ਦਿੱਤੀ ਹੈ।