7 hours ago
Swift News
ਸਰੀ ਵਿੱਚ ਮੇਅਰ ਡੱਗ ਮੈਕੈਲਮ ਦੇ ਸੱਤਾ ਸੰਭਾਲਣ ਤੋਂ ਬਾਅਦ ਸਿਟੀ ਹਾਲ ਦੇ ਸੀਨੀਅਰ ਅਧਿਕਾਰੀਆਂ ਵਿੱਚ ਕਈ ਤਬਦੀਲੀਆਂ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਹਾਲਾਂਕਿ, ਸਿਟੀ ਪ੍ਰਸ਼ਾਸਨ ਨੇ ਨਾ ਤਾਂ ਇਨ੍ਹਾਂ ਤਬਦੀਲੀਆਂ ਦੀ ਪੁਸ਼ਟੀ ਕੀਤੀ ਹੈ ਅਤੇ ਨਾ ਹੀ ਇਨ੍ਹਾਂ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਦਿੱਤੀ ਹੈ। ਸ਼ਹਿਰ ਦੀ ਵੈੱਬਸਾਈਟ ਮੁਤਾਬਕ ਬੈਂਜੀ ਲੀ ਨੂੰ ਐਕਟਿੰਗ ਸਿਟੀ ਸਾਲਿਸਟਰ ਅਤੇ ਫਾਇਰ ਚੀਫ ਜੇਸਨ ਕੇਰਨੀ ਨੂੰ ਐਕਟਿੰਗ ਜਨਰਲ ਮੈਨੇਜਰ ਆਫ ਪਬਲਿਕ ਸੇਫਟੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਹ ਅਹੁਦੇ ਪਹਿਲਾਂ ਫਿਲਿਪ ਹੁਯਨ ਅਤੇ ਬ੍ਰਾਇਨ ਐਡਵਰਡਜ਼ ਕੋਲ ਸਨ। ਇਸ ਤੋਂ ਇਲਾਵਾ ਸਿਟੀ ਮੈਨੇਜਰ ਰੌਬ ਕੋਸਟਾਂਜ਼ੋ ਦੀ ਗੈਰਹਾਜ਼ਰੀ ਵੀ ਸਾਹਮਣੇ ਆਈ ਹੈ। ਕੌਂਸਲਰ ਹੈਰੀ ਬੈਂਸ ਨੇ ਕਿਹਾ ਕਿ ਸੀਨੀਅਰ ਅਹੁਦਿਆਂ ’ਤੇ ਕਾਰਜਕਾਰੀ ਅਧਿਕਾਰੀਆਂ ਦੀ ਨਿਯੁਕਤੀ ਅਤੇ ਪੁਰਾਣੇ ਅਧਿਕਾਰੀਆਂ ਦੀ ਗੈਰਹਾਜ਼ਰੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਇਹ ਵੀ ਸਵਾਲ ਚੁੱਕਿਆ ਕਿ ਜੇਕਰ ਅਧਿਕਾਰੀਆਂ ਨੂੰ ਨੌਕਰੀ ਤੋਂ ਹਟਾਇਆ ਗਿਆ ਹੈ ਤਾਂ ਉਨ੍ਹਾਂ ਨੂੰ ਕਿੰਨੀ ਸੇਵਰੈਂਸ ਰਕਮ ਦਿੱਤੀ ਜਾਵੇਗੀ। ਦੂਜੇ ਪਾਸੇ, ਸਿਟੀ ਪ੍ਰਸ਼ਾਸਨ ਨੇ ਨਿੱਜਤਾ ਅਤੇ ਗੁਪਤਤਾ ਦਾ ਹਵਾਲਾ ਦਿੰਦਿਆਂ ਕਰਮਚਾਰੀਆਂ ਨਾਲ ਜੁੜੇ ਮਾਮਲਿਆਂ ’ਤੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਸੀਨੀਅਰ ਅਧਿਕਾਰੀਆਂ ਦੀ ਸੇਵਰੈਂਸ ਰਕਮ ਲੱਖਾਂ ਡਾਲਰ ਤੱਕ ਹੋ ਸਕਦੀ ਹੈ।