4 hours ago
Swift News
ਕੈਨੇਡਾ ਨੇ ਈਰਾਨ ਦੇ ਪਰਮਾਣੂ ਪ੍ਰੋਗਰਾਮ, ਬੈਲਿਸਟਿਕ ਮਿਜ਼ਾਈਲਾਂ ਦੇ ਵਿਕਾਸ ਅਤੇ ਹੋਰ ਦੇਸ਼ਾਂ ਵਿੱਚ ਹਿੰਸਕ ਗਤੀਵਿਧੀਆਂ ਲਈ ਫੰਡਿੰਗ ਜਾਰੀ ਰੱਖਣ ਦੇ ਦੋਸ਼ਾਂ ਤਹਿਤ 11 ਈਰਾਨੀ ਊਰਜਾ ਅਤੇ ਵਿੱਤੀ ਸੰਸਥਾਵਾਂ ’ਤੇ ਮੁੜ ਪਾਬੰਦੀਆਂ ਲਗਾ ਦਿੱਤੀਆਂ ਹਨ। ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਮੰਗਲਵਾਰ ਨੂੰ ਜਾਰੀ ਬਿਆਨ ਵਿੱਚ ਕਿਹਾ ਕਿ ਕੈਨੇਡਾ ਦਾ ਰੁਖ਼ ਸਪੱਸ਼ਟ ਹੈ ਕਿ ਈਰਾਨ ਨੂੰ ਕਿਸੇ ਵੀ ਹਾਲਤ ਵਿੱਚ ਪਰਮਾਣੂ ਹਥਿਆਰ ਹਾਸਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਕੈਨੇਡਾ ਜੀ-7 ਦੇਸ਼ਾਂ ਅਤੇ ਕੌਮਾਂਤਰੀ ਭਾਈਚਾਰੇ ਨਾਲ ਮਿਲ ਕੇ ਅਜਿਹਾ ਸਮਝੌਤਾ ਕਰਨ ਦੀ ਕੋਸ਼ਿਸ਼ ਜਾਰੀ ਰੱਖੇਗਾ, ਜਿਸ ਨਾਲ ਈਰਾਨ ਦੇ ਪਰਮਾਣੂ ਪ੍ਰੋਗਰਾਮ ਦੀ ਜਾਂਚ ਅਤੇ ਖੇਤਰੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਜਿਨ੍ਹਾਂ 11 ਸੰਸਥਾਵਾਂ ’ਤੇ ਹੁਣ ਪਾਬੰਦੀਆਂ ਲਗਾਈਆਂ ਗਈਆਂ ਹਨ, ਉਨ੍ਹਾਂ ਨੂੰ 2016 ਵਿੱਚ ਈਰਾਨ ਵੱਲੋਂ ਆਪਣਾ ਪਰਮਾਣੂ ਪ੍ਰੋਗਰਾਮ ਸ਼ਾਂਤੀਪੂਰਨ ਰੱਖਣ ਦੇ ਭਰੋਸੇ ਤੋਂ ਬਾਅਦ ਪਾਬੰਦੀਆਂ ਦੀ ਸੂਚੀ ਵਿੱਚੋਂ ਹਟਾ ਦਿੱਤਾ ਗਿਆ ਸੀ। ਪਰ ਜੂਨ 2025 ਵਿੱਚ ਕੌਮਾਂਤਰੀ ਪਰਮਾਣੂ ਊਰਜਾ ਏਜੰਸੀ ਨੇ ਕਿਹਾ ਸੀ ਕਿ ਈਰਾਨ ਪਰਮਾਣੂ ਹਥਿਆਰਾਂ ਦੇ ਫੈਲਾਅ ਨੂੰ ਰੋਕਣ ਵਾਲੀ ਸੰਧੀ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਦੀ ਪਾਲਣਾ ਨਹੀਂ ਕਰ ਰਿਹਾ। ਨਵੀਆਂ ਪਾਬੰਦੀਆਂ ਵਿੱਚ ਨੈਸ਼ਨਲ ਇਰਾਨੀਅਨ ਆਇਲ ਕੰਪਨੀ, ਇਰਾਨੀਅਨ ਟੈਂਕਰ ਕੰਪਨੀ, ਬੈਂਕ ਮੇਲਤ ਅਤੇ ਬੈਂਕ ਮੇਲੀ ਸਮੇਤ ਹੋਰ ਸੰਸਥਾਵਾਂ ਸ਼ਾਮਲ ਹਨ। ਇਨ੍ਹਾਂ ਪਾਬੰਦੀਆਂ ਤਹਿਤ ਕੈਨੇਡਾ ਵਿੱਚ ਰਹਿਣ ਵਾਲੇ ਲੋਕਾਂ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਕੈਨੇਡੀਅਨਾਂ ਨੂੰ ਇਨ੍ਹਾਂ ਸੰਸਥਾਵਾਂ ਨਾਲ ਵਿੱਤੀ ਜਾਂ ਜਾਇਦਾਦ ਸਬੰਧੀ ਲੈਣ-ਦੇਣ ਕਰਨ ਦੀ ਮਨਾਹੀ ਹੋਵੇਗੀ। ਸਰਕਾਰ ਮੁਤਾਬਕ ਇਹ ਈਰਾਨੀ ਸਰਕਾਰ ਖ਼ਿਲਾਫ਼ ਪਾਬੰਦੀਆਂ ਦਾ 25ਵਾਂ ਦੌਰ ਹੈ। ਹੁਣ ਤੱਕ 237 ਈਰਾਨੀ ਨਾਗਰਿਕਾਂ ਅਤੇ 276 ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ।