4 hours ago
Swift News
ਸਰੀ ਸਿਟੀ ਕੌਂਸਲ ਨੇ ਸਹੁੰ ਚੁੱਕਣ ਤੋਂ ਇੱਕ ਹਫ਼ਤੇ ਬਾਅਦ ਸੋਮਵਾਰ ਨੂੰ ਆਪਣੀ ਪਹਿਲੀ ਰੈਗੂਲਰ ਮੀਟਿੰਗ ਕੀਤੀ, ਜਿਸ ਦੌਰਾਨ ਕੌਂਸਲ ਨੇ ਆਪਣੇ ਕਾਰਜਕਾਲ ਲਈ 16 ਮੁੱਖ ਤਰਜੀਹਾਂ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਵਿੱਚ ਅਗਲੇ ਚਾਰ ਸਾਲਾਂ ਲਈ ਪ੍ਰਾਪਰਟੀ ਟੈਕਸ ਫ੍ਰੀਜ਼ ਕਰਨਾ, ਨਿਊਟਨ ਵਿੱਚ ਨਵੇਂ ਹਸਪਤਾਲ ਲਈ ਸਿਟੀ ਦੀ ਜ਼ਮੀਨ ਦੀ ਜ਼ੋਨਿੰਗ ਪ੍ਰਕਿਰਿਆ ਤੇਜ਼ ਕਰਨਾ ਅਤੇ ਕਿੰਗ ਜੌਰਜ ਬੁਲੇਵਾਰਡ ਰਾਹੀਂ ਸਕਾਈਟ੍ਰੇਨ ਨੂੰ ਨਿਊਟਨ ਤੱਕ ਵਧਾਉਣਾ ਸ਼ਾਮਲ ਹੈ। ਮਤੇ ਤਹਿਤ ਸਿਟੀ ਸਟਾਫ਼ ਨੂੰ ਇਨ੍ਹਾਂ ਸਾਰੀਆਂ ਤਰਜੀਹਾਂ ਉੱਤੇ ਤੁਰੰਤ ਕੰਮ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਸਰੀ ਪੁਲਿਸ ਸਰਵਿਸ ਲਈ 90 ਦਿਨਾਂ ਦੇ ਅੰਦਰ ਹੈਲੀਕਾਪਟਰ ਅਤੇ ਡਰੋਨ ਫਲੀਟ ਤਿਆਰ ਕਰਨ, ਅਪਰਾਧ ਅਤੇ ਫਿਰੌਤੀਖੋਰੀ ਵਿਰੁੱਧ ਜ਼ੀਰੋ ਟੌਲਰੈਂਸ ਨੀਤੀ ਅਪਣਾਉਣ ਅਤੇ ਸੜਕਾਂ ਉੱਤੇ ਪੁਲਿਸ ਅਧਿਕਾਰੀਆਂ ਦੀ ਗਿਣਤੀ ਵਧਾਉਣ ਦਾ ਟੀਚਾ ਰੱਖਿਆ ਗਿਆ ਹੈ। ਕਲੇਟਨ ਹਾਈਟਸ, ਸਿਟੀ ਸੈਂਟਰ, ਨਿਊਟਨ ਅਤੇ ਕਲੋਵਰਡੇਲ ਵਿੱਚ ਨਵੇਂ ਸਵੀਮਿੰਗ ਪੂਲ ਬਣਾਉਣ, ਸੀਨੀਅਰਜ਼ ਲਈ ਮੁਫ਼ਤ ਮਨੋਰੰਜਨ ਸਹੂਲਤਾਂ ਅਤੇ 3 ਤੋਂ 16 ਸਾਲ ਦੇ ਬੱਚਿਆਂ ਲਈ ਮੁਫ਼ਤ ਤੈਰਾਕੀ ਸਿਖਲਾਈ ਵੀ ਯੋਜਨਾ ਦਾ ਹਿੱਸਾ ਹੈ। ਕੌਂਸਲ ਪਿਛਲੇ ਚਾਰ ਸਾਲਾਂ ਦੇ ਜ਼ਮੀਨੀ ਸੌਦਿਆਂ ਦਾ ਸੁਤੰਤਰ ਆਡਿਟ ਵੀ ਕਰਵਾਏਗੀ। ਮੇਅਰ ਡੱਗ ਮੈਕਲਮ ਨੇ ਕਿਹਾ ਕਿ ਲੋਕਾਂ ਨੇ ਕੌਂਸਲ ਨੂੰ ਸਿਰਫ਼ ਅਧਿਐਨ ਕਰਨ ਲਈ ਨਹੀਂ, ਸਗੋਂ ਕੰਮ ਕਰਵਾਉਣ ਲਈ ਚੁਣਿਆ ਹੈ ਅਤੇ ਚੋਣਾਂ ਦੌਰਾਨ ਕੀਤੇ ਸਾਰੇ ਵਾਅਦੇ ਹੁਣ ਕੌਂਸਲ ਦੀਆਂ ਤਰਜੀਹਾਂ ਹਨ।