7 hours ago
Swift News
ਬ੍ਰਿਟਿਸ਼ ਕੋਲੰਬੀਆ ਦੇ ਕੋਕੁਇਟਲਮ ਵਿੱਚ ਇਸ ਸਾਲ ਫਰਵਰੀ ਮਹੀਨੇ ਸਕੂਲਾਂ ਨੂੰ ਮਿਲੀਆਂ ਧਮਕੀਆਂ ਦੇ ਮਾਮਲੇ ਵਿੱਚ ਇੱਕ ਨਾਬਾਲਗ ਖ਼ਿਲਾਫ਼ ਅਪਰਾਧਿਕ ਦੋਸ਼ ਆਇਦ ਕੀਤੇ ਗਏ ਹਨ। ਇਨ੍ਹਾਂ ਧਮਕੀਆਂ ਕਾਰਨ ਕਈ ਸਕੂਲਾਂ ਵਿੱਚ ਲੌਕਡਾਊਨ ਅਤੇ ਹੋਲਡ ਐਂਡ ਸਕਿਓਰ ਦੇ ਹੁਕਮ ਜਾਰੀ ਕਰਨੇ ਪਏ ਸਨ। ਕੋਕੁਇਟਲਮ ਆਰ.ਸੀ.ਐੱਮ.ਪੀ. ਨੇ ਵੀਰਵਾਰ ਨੂੰ ਜਾਰੀ ਬਿਆਨ ਵਿੱਚ ਦੱਸਿਆ ਕਿ ਬੀ.ਸੀ. ਪ੍ਰੋਸੀਕਿਊਸ਼ਨ ਸਰਵਿਸ ਵੱਲੋਂ 8 ਅਕਤੂਬਰ ਨੂੰ ਹੀ ਦੋਸ਼ ਆਇਦ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਸੀ। ਪੁਲਿਸ ਨੇ ਮੁਲਜ਼ਮ ਦੀ ਉਮਰ ਜਾਂ ਲਿੰਗ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ, ਕਿਉਂਕਿ ਕੈਨੇਡਾ ਦੇ ਯੂਥ ਕ੍ਰਿਮਿਨਲ ਜਸਟਿਸ ਐਕਟ ਤਹਿਤ ਨਾਬਾਲਗ ਦੀ ਪਛਾਣ ਜਨਤਕ ਨਹੀਂ ਕੀਤੀ ਜਾ ਸਕਦੀ। ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਫਰਵਰੀ ਵਿੱਚ ਸ਼ੁਰੂ ਹੋਈ ਸੀ ਅਤੇ ਅਜੇ ਵੀ ਜਾਰੀ ਹੈ। ਮੁਲਜ਼ਮ ਨੂੰ ਰਿਹਾਅ ਕਰ ਦਿੱਤਾ ਗਿਆ ਹੈ, ਪਰ ਉਸ ਉੱਤੇ ਕੁਝ ਸ਼ਰਤਾਂ ਲਗਾਈਆਂ ਗਈਆਂ ਹਨ। ਇਸ ਦੌਰਾਨ ਸੈਂਟੇਨੀਅਲ ਸੈਕੰਡਰੀ ਸਕੂਲ ਵਿੱਚ ਲਗਾਤਾਰ ਤਿੰਨ ਦਿਨ ਸੁਰੱਖਿਆ ਪ੍ਰਬੰਧ ਲਾਗੂ ਰਹੇ ਸਨ, ਜਦਕਿ ਹੋਰ ਸਕੂਲਾਂ ਵਿੱਚ ਵੀ ਸਾਵਧਾਨੀ ਵਜੋਂ ਸੁਰੱਖਿਆ ਉਪਾਅ ਕੀਤੇ ਗਏ ਸਨ। ਜ਼ਿਕਰਯੋਗ ਹੈ ਕਿ ਇਹ ਘਟਨਾਵਾਂ ਟੰਬਲਰ ਰਿਜ ਸੈਕੰਡਰੀ ਸਕੂਲ ਵਿੱਚ ਹੋਈ ਉਸ ਦਰਦਨਾਕ ਗੋਲੀਬਾਰੀ ਤੋਂ ਕੁਝ ਦਿਨ ਪਹਿਲਾਂ ਵਾਪਰੀਆਂ ਸਨ, ਜਿਸ ਵਿੱਚ ਪੰਜ ਵਿਦਿਆਰਥੀਆਂ ਅਤੇ ਇੱਕ ਸਟਾਫ ਮੈਂਬਰ ਦੀ ਮੌਤ ਹੋ ਗਈ ਸੀ।