8 hours ago
Swift News
ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਕੈਬਨਿਟ ਅੱਜ ਅਲਬਰਟਾ ਦੇ ਬੈਨਫ ਵਿੱਚ ਦੋ ਦਿਨਾਂ ਦੀ ਮੀਟਿੰਗ ਦੇ ਦੂਜੇ ਅਤੇ ਆਖਰੀ ਦਿਨ ਲਈ ਇਕੱਠੀ ਹੋ ਰਹੀ ਹੈ। ਇਨ੍ਹਾਂ ਮੀਟਿੰਗਾਂ ਦੌਰਾਨ ਮੰਤਰੀ ਪਤਝੜ ਵਿੱਚ ਸ਼ੁਰੂ ਹੋਣ ਵਾਲੇ ਪਾਰਲੀਮੈਂਟ ਦੇ ਸੈਸ਼ਨ ਲਈ ਸਰਕਾਰ ਦੀਆਂ ਤਰਜੀਹਾਂ ’ਤੇ ਚਰਚਾ ਕਰ ਰਹੇ ਹਨ। ਇਹ ਮੀਟਿੰਗਾਂ ਅਜਿਹੇ ਸਮੇਂ ਹੋ ਰਹੀਆਂ ਹਨ ਜਦੋਂ ਅਲਬਰਟਾ ਅਕਤੂਬਰ ਵਿੱਚ ਕੈਨੇਡਾ ਤੋਂ ਵੱਖ ਹੋਣ ਦੇ ਮੁੱਦੇ ’ਤੇ ਰੈਫਰੈਂਡਮ ਕਰਵਾਉਣ ਦੀ ਤਿਆਰੀ ਕਰ ਰਿਹਾ ਹੈ। ਕੈਲਗਰੀ ਦੇ ਮੇਅਰ ਜੇਰੋਮੀ ਫਾਰਕਸ ਨੇ ਇੱਕ ਬੰਦ ਦਰਵਾਜ਼ੇ ਵਾਲੀ ਮੀਟਿੰਗ ਵਿੱਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਓਟਵਾ ਵੱਲੋਂ ਅਲਬਰਟਾ ਵਿੱਚ ਲਗਾਤਾਰ ਮੌਜੂਦ ਰਹਿਣਾ ਇੱਕ ਸਮਝਦਾਰ ਰਣਨੀਤੀ ਹੈ। ਫਾਰਕਸ ਨੇ ਇਹ ਵੀ ਕਿਹਾ ਕਿ ਜੇ ਅਲਬਰਟਾ ਕੈਨੇਡਾ ਤੋਂ ਵੱਖ ਹੁੰਦਾ ਹੈ ਤਾਂ ਸੂਬਾ ਅਮਰੀਕਾ ਦਾ 51ਵਾਂ ਸੂਬਾ ਬਣਨ ਵੱਲ ਵਧ ਸਕਦਾ ਹੈ ਅਤੇ ਉਨ੍ਹਾਂ ਦੇ ਮੁਤਾਬਕ ਵਾਸ਼ਿੰਗਟਨ ਨਾਲ ਨਜਿੱਠਣਾ ਓਟਵਾ ਨਾਲੋਂ ਵੀ ਮੁਸ਼ਕਲ ਹੋ ਸਕਦਾ ਹੈ। ਇਸ ਦੌਰਾਨ ਅਮਰੀਕਾ ਵੱਲੋਂ ਕੈਨੇਡੀਅਨ ਸਮਾਨ ’ਤੇ ਟਰੇਡ ਪਾਬੰਦੀਆਂ ਵਧਾਉਣ ਦਾ ਮੁੱਦਾ ਵੀ ਕਾਰਨੀ ਸਰਕਾਰ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੁਝ ਕੈਨੇਡੀਅਨ ਉਤਪਾਦਾਂ, ਜਿਨ੍ਹਾਂ ਵਿੱਚ ਸ਼ਰਾਬ ਅਤੇ ਕੁਝ ਡੇਅਰੀ ਉਤਪਾਦ ਸ਼ਾਮਲ ਹਨ, ਦੀ import ’ਤੇ ਪਾਬੰਦੀ ਲਗਾਉਣ ਵੱਲ ਕਦਮ ਚੁੱਕਿਆ ਹੈ। ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਹੈ ਕਿ ਵਾਸ਼ਿੰਗਟਨ ਦੀਆਂ ਹੋਰ ਟਰੇਡ ਕਾਰਵਾਈਆਂ ਦੇ ਮੁਕਾਬਲੇ ਇਹ ਤਾਜ਼ਾ ਕਦਮ ਮੁਕਾਬਲਤਨ ਛੋਟਾ ਹੈ।