2 hours ago
Swift News
ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਦੇ ਵ੍ਹੈਲੀ ਇਲਾਕੇ ਵਿੱਚ ਪਿਛਲੇ ਹਫ਼ਤੇ ਹੋਈ ਗੋਲੀਬਾਰੀ ਦੌਰਾਨ 52 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਮੁਤਾਬਕ 12 ਨਵੰਬਰ ਨੂੰ ਸਵੇਰੇ ਲਗਭਗ 7 ਵੱਜ ਕੇ 15 ਮਿੰਟ ’ਤੇ ਪੁਲਿਸ ਨੂੰ 106 ਐਵੇਨਿਊ ਨੇੜੇ 132 ਸਟ੍ਰੀਟ ਸਥਿਤ ਇੱਕ ਘਰ ਵਿੱਚ ਗੋਲੀਬਾਰੀ ਦੀ ਸੂਚਨਾ ਮਿਲੀ ਸੀ। ਮੌਕੇ ’ਤੇ ਪਹੁੰਚੇ ਸਰੀ ਪੁਲਿਸ ਸਰਵਿਸ ਦੇ ਅਧਿਕਾਰੀਆਂ ਨੂੰ ਇੱਕ ਵਿਅਕਤੀ ਗੋਲੀ ਲੱਗਣ ਕਾਰਨ ਜ਼ਖ਼ਮੀ ਹਾਲਤ ਵਿੱਚ ਮਿਲਿਆ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। IHIT ਨੇ ਮ੍ਰਿਤਕ ਦੀ ਪਛਾਣ ਸਰੀ ਦੇ ਰਹਿਣ ਵਾਲੇ ਸਟੀਫਨ ਡੇਵਿਡ ਟਰਨਰ ਵਜੋਂ ਕੀਤੀ ਹੈ। ਜਾਂਚਕਰਤਾਵਾਂ ਮੁਤਾਬਕ ਹਾਲੇ ਤੱਕ ਕਤਲ ਦਾ ਕਾਰਨ ਸਪੱਸ਼ਟ ਨਹੀਂ ਹੋਇਆ, ਪਰ ਮੁੱਢਲੀ ਜਾਂਚ ਵਿੱਚ ਇਹ ਇੱਕ ਨਿਸ਼ਾਨਾ ਬਣਾ ਕੇ ਕੀਤਾ ਗਿਆ ਹਮਲਾ ਜਾਪਦਾ ਹੈ। IHIT ਦੀ ਸਾਰਜੈਂਟ ਫ੍ਰੀਡਾ ਫੌਂਗ ਨੇ ਕਿਹਾ ਹੈ ਕਿ ਜਾਂਚ ਅਜੇ ਸ਼ੁਰੂਆਤੀ ਪੜਾਅ ਵਿੱਚ ਹੈ ਅਤੇ ਪੁਲਿਸ ਗੋਲੀਬਾਰੀ ਤੋਂ ਪਹਿਲਾਂ ਵਾਪਰੀਆਂ ਘਟਨਾਵਾਂ ਦੀ ਸਮਾਂ-ਰੇਖਾ ਤਿਆਰ ਕਰ ਰਹੀ ਹੈ। ਪੁਲਿਸ ਨੇ ਅਪੀਲ ਕੀਤੀ ਹੈ ਕਿ ਜਿਹੜੇ ਲੋਕ ਹਾਲ ਹੀ ਵਿੱਚ ਸਟੀਫਨ ਟਰਨਰ ਦੇ ਸੰਪਰਕ ਵਿੱਚ ਸਨ ਜਾਂ ਜਿਨ੍ਹਾਂ ਨੇ ਘਟਨਾ ਦੇਖੀ ਹੈ, ਉਹ ਜਾਂਚ ਟੀਮ ਨਾਲ ਸੰਪਰਕ ਕਰਨ। ਇਸ ਤੋਂ ਇਲਾਵਾ 12 ਨਵੰਬਰ ਨੂੰ ਸਵੇਰੇ 7 ਤੋਂ 8:30 ਵਜੇ ਤੱਕ ਇਲਾਕੇ ਵਿੱਚ ਡੈਸ਼ਕੈਮ ਵੀਡੀਓ ਵਾਲੇ ਲੋਕਾਂ ਨੂੰ ਵੀ ਜਾਣਕਾਰੀ ਸਾਂਝੀ ਕਰਨ ਲਈ ਕਿਹਾ ਗਿਆ ਹੈ। IHIT ਨਾਲ 1-877-551-4448 ’ਤੇ ਸੰਪਰਕ ਕੀਤਾ ਜਾ ਸਕਦਾ ਹੈ।