9 hours ago
Swift News
ਵੈਨਕੂਵਰ ਪੁਲਿਸ ਦੇ ਚਰਚਿਤ ਅਧਿਕਾਰੀ ਕੈਲ ਦੋਸਾਂਝ ਖ਼ਿਲਾਫ਼ ਚੱਲ ਰਹੀ ਜਾਂਚ ਵਿੱਚ 19 ਕਥਿਤ ਪੀੜਤਾਂ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਕੁੱਲ ਮਿਲਾ ਕੇ 3 ਮਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋਣ ਦੀ ਗੱਲ ਸਾਹਮਣੇ ਆਈ ਹੈ।
26 ਸਾਲ ਤੋਂ ਵੈਨਕੂਵਰ ਪੁਲਿਸ ਵਿੱਚ ਸੇਵਾ ਨਿਭਾ ਰਹੇ ਦੋਸਾਂਝ ’ਤੇ ਇਸ ਹਫ਼ਤੇ 5 ਹਜ਼ਾਰ ਡਾਲਰ ਤੋਂ ਵੱਧ ਦੀ ਧੋਖਾਧੜੀ ਦੇ ਚਾਰ, ਚੋਰੀ ਦੇ ਚਾਰ ਅਤੇ ਬ੍ਰੀਚ ਆਫ਼ ਟਰੱਸਟ ਦਾ ਇੱਕ ਦੋਸ਼ ਲਗਾਇਆ ਗਿਆ ਹੈ।
ਵੈਨਕੂਵਰ ਪੁਲਿਸ ਚੀਫ਼ ਸਟੀਵ ਰਾਏ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਇਨ੍ਹਾਂ ਦੋਸ਼ਾਂ ਨੂੰ ਬੇਹੱਦ ਗੰਭੀਰ ਅਤੇ ਪੁਲਿਸ ਵਿਭਾਗ ਲਈ ਚਿੰਤਾਜਨਕ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇੱਕ ਵਿਅਕਤੀ ਦੀਆਂ ਕਥਿਤ ਕਾਰਵਾਈਆਂ ਕਾਰਨ ਪੂਰੇ ਪੁਲਿਸ ਵਿਭਾਗ ’ਤੇ ਸਵਾਲ ਖੜ੍ਹੇ ਹੋ ਸਕਦੇ ਹਨ।
ਦੋਸਾਂਝ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਚੀਫ਼ ਨੇ ਬਿਨਾਂ ਤਨਖਾਹ ਮੁਅੱਤਲੀ ਦੀ ਸਿਫ਼ਾਰਸ਼ ਕੀਤੀ ਹੈ।
ਜਾਂਚ ਦਸੰਬਰ 2023 ਵਿੱਚ ਸ਼ੁਰੂ ਹੋਈ ਸੀ, ਜਦੋਂ ਕਈ ਕਥਿਤ ਪੀੜਤ ਪੁਲਿਸ ਕੋਲ ਪਹੁੰਚੇ। ਦੋਸਾਂਝ Kids Play Foundation ਨਾਲ ਵੀ ਜੁੜੇ ਹੋਏ ਹਨ, ਜੋ ਨੌਜਵਾਨਾਂ ਨੂੰ ਗੈਂਗ, ਨਸ਼ਿਆਂ ਅਤੇ ਅਪਰਾਧ ਤੋਂ ਦੂਰ ਰੱਖਣ ਲਈ ਕੰਮ ਕਰਦੀ ਹੈ।