23 hours ago
Swift News
ਬੀਤੇ ਹਫ਼ਤੇ ਸਰੀ ਦੇ ਤਿੰਨ ਸਕੂਲਾਂ ਨੂੰ ਝੂਠੀਆਂ ਧਮਕੀਆਂ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਸਰੀ ਪੁਲਿਸ ਸਰਵਿਸ ਮੁਤਾਬਕ, ਤਿੰਨਾਂ ਘਟਨਾਵਾਂ ਦੇ ਆਪਸ ਵਿੱਚ ਜੁੜੇ ਹੋਣ ਦੇ ਸੰਕੇਤ ਮਿਲੇ ਹਨ।
17 ਨਵੰਬਰ ਨੂੰ ਕਲੋਵਰਡੇਲ ਦੇ ਲਾਰਡ ਟਵੀਡਸਮੁਇਰ ਸੈਕੰਡਰੀ ਸਕੂਲ ਵਿੱਚ ਪੁਲਿਸ ਦੀ ਵੱਡੀ ਮੌਜੂਦਗੀ ਦੇਖੀ ਗਈ। ਇਸ ਤੋਂ ਬਾਅਦ 19 ਨਵੰਬਰ ਨੂੰ ਗ੍ਰੈਂਡਵਿਊ ਹਾਈਟਸ ਸੈਕੰਡਰੀ ਸਕੂਲ ਅਤੇ 20 ਨਵੰਬਰ ਨੂੰ ਤਾ’ਤਾਲੂ ਐਲੀਮੈਂਟਰੀ ਸਕੂਲ ਵਿੱਚ ਵੀ ਅਜਿਹੀਆਂ ਘਟਨਾਵਾਂ ਵਾਪਰੀਆਂ। ਤਿੰਨਾਂ ਸਕੂਲਾਂ ਵਿੱਚ ‘ਹੋਲਡ ਐਂਡ ਸਕਿਓਰ’ ਲਾਗੂ ਕੀਤਾ ਗਿਆ ਸੀ।
ਸਰੀ ਸਕੂਲ ਡਿਸਟ੍ਰਿਕਟ ਦੀ ਸਹਾਇਕ ਸੁਪਰਡੈਂਟ ਸੇਲਮਾ ਸਮਿਥ ਨੇ ਦੱਸਿਆ ਕਿ ਹੋਲਡ ਐਂਡ ਸਕਿਓਰ ਉਸ ਸਮੇਂ ਲਾਗੂ ਹੁੰਦਾ ਹੈ ਜਦੋਂ ਸਕੂਲ ਦੇ ਬਾਹਰ ਜਾਂ ਨੇੜਲੇ ਇਲਾਕੇ ਵਿੱਚ ਖ਼ਤਰੇ ਦਾ ਸ਼ੱਕ ਹੋਵੇ। ਇਸ ਦੌਰਾਨ ਬਾਹਰੀ ਦਰਵਾਜ਼ੇ ਬੰਦ ਰਹਿੰਦੇ ਹਨ, ਪਰ ਕਲਾਸਾਂ ਜਾਰੀ ਰਹਿੰਦੀਆਂ ਹਨ। ਜਦਕਿ ਲੌਕਡਾਊਨ ਸਕੂਲ ਦੇ ਅੰਦਰ ਖ਼ਤਰਾ ਹੋਣ ’ਤੇ ਲਾਗੂ ਕੀਤਾ ਜਾਂਦਾ ਹੈ।
ਪੁਲਿਸ ਮੁਤਾਬਕ, ਤਿੰਨਾਂ ਧਮਕੀਆਂ ਵਿੱਚ ਇੱਕੋ ਚੈਟ ਪਲੇਟਫਾਰਮ ਦੀ ਵਰਤੋਂ ਕੀਤੀ ਗਈ ਅਤੇ ਆਵਾਜ਼ਾਂ ਤੇ ਧਮਕੀਆਂ ਦੇ ਤਰੀਕਿਆਂ ਵਿੱਚ ਵੀ ਸਮਾਨਤਾਵਾਂ ਮਿਲੀਆਂ ਹਨ।
ਪੁਲਿਸ ਨੇ ਕਿਹਾ ਕਿ ਅਜਿਹੀਆਂ ਝੂਠੀਆਂ ਧਮਕੀਆਂ ਕਾਰਨ ਵੱਡੀ ਗਿਣਤੀ ਵਿੱਚ ਪੁਲਿਸ ਸਰੋਤ ਪ੍ਰਭਾਵਿਤ ਹੁੰਦੇ ਹਨ ਅਤੇ ਹੋਰ ਐਮਰਜੈਂਸੀ ਕਾਲਾਂ ’ਤੇ ਕਾਰਵਾਈ ਵਿੱਚ ਦੇਰੀ ਹੋ ਸਕਦੀ ਹੈ। ਸਰੀ ਪੁਲਿਸ ਦੀ ਮੇਜਰ ਕ੍ਰਾਈਮਜ਼ ਸੈਕਸ਼ਨ ਨੇ ਜਾਂਚ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ।