23 hours ago
Swift News
ਕੈਨੇਡਾ ਵਿੱਚ ਸਾਲ 2025-26 ਦੌਰਾਨ ਸਰਜਰੀ, ਮੈਡੀਕਲ ਪ੍ਰਕਿਰਿਆ, ਡਾਇਗਨੌਸਟਿਕ ਸਕੈਨ ਜਾਂ ਮਾਹਿਰ ਡਾਕਟਰ ਦੀ ਅਪਾਇੰਟਮੈਂਟ ਦੀ ਉਡੀਕ ਕਰਦਿਆਂ ਘੱਟੋ-ਘੱਟ 29 ਹਜ਼ਾਰ ਲੋਕਾਂ ਦੀ ਮੌਤ ਹੋ ਗਈ। ਥਿੰਕ ਟੈਂਕ SecondStreet.org ਦੀ ਨਵੀਂ ਰਿਪੋਰਟ ਮੁਤਾਬਕ, ਪਿਛਲੇ ਸਾਲ ਦੇ ਮੁਕਾਬਲੇ ਉਡੀਕ ਸੂਚੀ ਦੌਰਾਨ ਹੋਣ ਵਾਲੀਆਂ ਮੌਤਾਂ ਵਿੱਚ 1.4 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ।
ਰਿਪੋਰਟ ਅਨੁਸਾਰ, ਸਰਜਰੀ ਦੀ ਉਡੀਕ ਕਰਦਿਆਂ ਮੌਤਾਂ ਵਿੱਚ 17.5 ਫ਼ੀਸਦੀ ਵਾਧਾ ਹੋਇਆ, ਜਦਕਿ ਡਾਇਗਨੌਸਟਿਕ ਸਕੈਨ ਦੀ ਉਡੀਕ ਦੌਰਾਨ ਮੌਤਾਂ ਵਿੱਚ 2.8 ਫ਼ੀਸਦੀ ਕਮੀ ਆਈ ਹੈ।
SecondStreet.org ਦੇ ਪ੍ਰਧਾਨ ਕੋਲਿਨ ਕਰੇਗ ਨੇ ਕਿਹਾ ਕਿ ਹਾਲਾਤ ਗਲਤ ਦਿਸ਼ਾ ਵੱਲ ਜਾ ਰਹੇ ਹਨ। ਉਨ੍ਹਾਂ ਮੁਤਾਬਕ ਅਸਲ ਅੰਕੜੇ ਇਸ ਤੋਂ ਕਿਤੇ ਵੱਧ ਹੋ ਸਕਦੇ ਹਨ, ਕਿਉਂਕਿ ਸਾਰੇ ਸੂਬੇ ਇਹ ਜਾਣਕਾਰੀ ਇਕੱਠੀ ਨਹੀਂ ਕਰਦੇ ਜਾਂ ਜਨਤਕ ਨਹੀਂ ਕਰਦੇ।
ਸੂਬਿਆਂ ਦੇ ਅੰਕੜਿਆਂ ਮੁਤਾਬਕ, ਬ੍ਰਿਟਿਸ਼ ਕੋਲੰਬੀਆ ਵਿੱਚ ਉਡੀਕ ਸੂਚੀ ਦੌਰਾਨ ਮੌਤਾਂ ਦੀ ਗਿਣਤੀ 4,620 ਤੋਂ ਘਟ ਕੇ 4,365 ਰਹਿ ਗਈ। ਸਸਕੈਚਵਨ ਵਿੱਚ ਵੀ ਇਹ ਗਿਣਤੀ 333 ਤੋਂ ਘਟ ਕੇ 317 ਹੋਈ। ਪਰ ਮੈਨੀਟੋਬਾ ਵਿੱਚ ਸਰਜਰੀ ਦੀ ਉਡੀਕ ਕਰਦਿਆਂ ਮੌਤਾਂ ਲਗਭਗ ਦੁੱਗਣੀਆਂ ਹੋ ਕੇ 163 ਤੋਂ ਵਧ ਕੇ 316 ਹੋ ਗਈਆਂ। ਕੈਨੇਡੀਅਨ ਸੈਂਟਰ ਫਾਰ ਪਾਲਿਸੀ ਅਲਟਰਨੇਟਿਵਜ਼ ਦੀ ਇੱਕ ਰਿਪੋਰਟ ਮੁਤਾਬਕ, ਓਨਟਾਰੀਓ ਵਿੱਚ ਨਿੱਜੀ ਕਲੀਨਿਕਾਂ ਰਾਹੀਂ ਸਰਜਰੀਆਂ ਅਤੇ ਸਕੈਨ ਕਰਵਾਉਣ ਦੇ ਬਾਵਜੂਦ ਜ਼ਿਆਦਾਤਰ ਇਲਾਜਾਂ ਲਈ ਉਡੀਕ ਸਮੇਂ ਵਿੱਚ ਕਮੀ ਨਹੀਂ ਆਈ।