5 hours ago
Swift News
ਕੈਨੇਡਾ ਵਿੱਚ ਸਟੂਡੈਂਟ ਵੀਜ਼ੇ 'ਤੇ ਪੜ੍ਹ ਰਹੇ ਇੱਕ ਭਾਰਤੀ ਨਾਗਰਿਕ ਨੂੰ ਅਮਰੀਕਾ ਵਿੱਚ ਬਜ਼ੁਰਗਾਂ ਨਾਲ ਕਰੋੜਾਂ ਡਾਲਰ ਦੀ ਠੱਗੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ 48 ਮਹੀਨੇ (4 ਸਾਲ) ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਅਮਰੀਕੀ ਅਧਿਕਾਰੀਆਂ ਮੁਤਾਬਕ 22 ਸਾਲਾ ਰੋਸ਼ਨ ਸ਼ਾਹ ਭਾਰਤ ਦਾ ਨਾਗਰਿਕ ਹੈ ਅਤੇ ਕੈਨੇਡਾ ਦੇ ਇੱਕ ਕਾਲਜ ਵਿੱਚ ਪੜ੍ਹ ਰਿਹਾ ਸੀ। ਉਹ ਵਿਜ਼ਟਰ ਵੀਜ਼ੇ 'ਤੇ ਅਮਰੀਕਾ ਜਾ ਕੇ ਠੱਗੀ ਰਾਹੀਂ ਇਕੱਠੀ ਕੀਤੀ ਰਕਮ ਹਾਸਲ ਕਰਦਾ ਸੀ।
ਜਾਂਚ ਅਨੁਸਾਰ ਭਾਰਤ ਵਿੱਚ ਮੌਜੂਦ ਉਸਦੇ ਸਾਥੀ ਬਜ਼ੁਰਗ ਲੋਕਾਂ ਨੂੰ ਫ਼ੋਨ ਕਰਕੇ ਦਾਅਵਾ ਕਰਦੇ ਸਨ ਕਿ ਉਨ੍ਹਾਂ ਦੀ ਪਛਾਣ ਅਪਰਾਧਾਂ ਵਿੱਚ ਵਰਤੀ ਗਈ ਹੈ। ਫਿਰ ਪੀੜਤਾਂ ਨੂੰ ਕਿਹਾ ਜਾਂਦਾ ਸੀ ਕਿ ਉਹ ਆਪਣੀ ਨਕਦੀ ਜਾਂ ਸੋਨਾ ਇੱਕ ਫੈਡਰਲ ਏਜੰਟ ਦੇ ਹਵਾਲੇ ਕਰਨ। ਇਸ ਜਾਅਲੀ ਏਜੰਟ ਦੀ ਭੂਮਿਕਾ ਰੋਸ਼ਨ ਸ਼ਾਹ ਨਿਭਾਉਂਦਾ ਸੀ।
ਅਧਿਕਾਰੀਆਂ ਮੁਤਾਬਕ ਸ਼ਾਹ ਨੇ ਅਮਰੀਕਾ ਦੇ ਕਈ ਰਾਜਾਂ ਵਿੱਚ 15 ਪੀੜਤਾਂ ਤੋਂ 37 ਲੱਖ ਅਮਰੀਕੀ ਡਾਲਰ ਤੋਂ ਵੱਧ ਰਕਮ ਇਕੱਠੀ ਕੀਤੀ। ਉਸ ਨੂੰ 2025 ਦੀਆਂ ਗਰਮੀਆਂ ਵਿੱਚ ਵਿਸਕਾਂਸਿਨ ਸੂਬੇ ਦੇ ਨਿਊ ਬਰਲਿਨ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਅਧਿਕਾਰੀਆਂ ਨੇ ਕਿਹਾ ਕਿ ਇਸ ਠੱਗੀ ਦਾ ਸਭ ਤੋਂ ਵੱਧ ਸ਼ਿਕਾਰ ਬਜ਼ੁਰਗ ਅਤੇ ਕਮਜ਼ੋਰ ਲੋਕ ਬਣੇ। ਮਾਮਲੇ ਦੀ ਜਾਂਚ ਅਮਰੀਕੀ ਹੋਮਲੈਂਡ ਸਿਕਿਉਰਿਟੀ ਅਤੇ ਸਥਾਨਕ ਪੁਲਿਸ ਨੇ ਸਾਂਝੇ ਤੌਰ 'ਤੇ ਕੀਤੀ।