15 hours ago
Swift News
ਕੈਨੇਡਾ ਦੀ ਫੈਡਰਲ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਇਲੀਵਰ ਸਾਹਮਣੇ ਆਪਣੀ ਪਾਰਟੀ ਦੇ ਵੱਖ-ਵੱਖ ਧੜਿਆਂ ਨੂੰ ਇਕਜੁੱਟ ਕਰਨ ਅਤੇ ਪਤਝੜ ਵਿੱਚ ਪਾਰਲੀਮੈਂਟ ਦੇ ਸੈਸ਼ਨ ਦੌਰਾਨ ਸਰਕਾਰ ਖ਼ਿਲਾਫ਼ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਣ ਦੀ ਵੱਡੀ ਚੁਣੌਤੀ ਹੈ। ਕਈ ਸੂਤਰਾਂ ਮੁਤਾਬਕ ਕੰਜ਼ਰਵੇਟਿਵ ਐੱਮ.ਪੀਜ਼ ਇਸ ਹਫ਼ਤੇ ਬੀ.ਸੀ. ਦੇ ਪੈਂਟਿਕਟਨ ਵਿੱਚ ਇਕੱਠੇ ਹੋ ਰਹੇ ਹਨ। ਇੱਕ ਸੂਤਰ ਨੇ ਪਾਰਟੀ ਦੇ ਅੰਦਰੂਨੀ ਹਾਲਾਤਾਂ ਨੂੰ “ਵੰਡਿਆ ਹੋਇਆ ਗੜਬੜੀ ਭਰਿਆ ਸਮੂਹ” ਦੱਸਿਆ ਅਤੇ ਕਿਹਾ ਕਿ ਕਈ ਮੈਂਬਰ ਆਪਣੇ ਹਲਕਿਆਂ ਵਿੱਚ ਸੀਟਾਂ ਗੁਆਉਣ ਦੀ ਚਿੰਤਾ ਕਰ ਰਹੇ ਹਨ। ਪਿਛਲੇ ਸਾਲ ਦੀਆਂ ਚੋਣਾਂ ਵਿੱਚ ਹਾਰ ਅਤੇ ਘੱਟ ਪੋਲਿੰਗ ਰੇਟਿੰਗ ਨੂੰ ਪਹਿਲਾਂ ਆਰਜ਼ੀ ਝਟਕਾ ਮੰਨਿਆ ਜਾਂਦਾ ਸੀ, ਪਰ ਲਗਾਤਾਰ ਕਮਜ਼ੋਰ ਪੋਲਿੰਗ ਅਤੇ ਅੰਦਰੂਨੀ ਵੰਡ ਕਾਰਨ ਇਹ ਵਿਸ਼ਵਾਸ ਘਟ ਰਿਹਾ ਹੈ ਕਿ ਪਾਰਟੀ ਮੁੜ ਸਿਖਰ ’ਤੇ ਆਵੇਗੀ। UBC ਦੇ ਸਟੀਵਰਟ ਪ੍ਰੈਸਟ ਮੁਤਾਬਕ ਪਾਰਟੀ ਕਿਸੇ ਵੱਡੇ ਮੁੱਦੇ ’ਤੇ ਪ੍ਰਭਾਵ ਬਣਾਉਣ ਵਿੱਚ ਸੰਘਰਸ਼ ਕਰ ਰਹੀ ਹੈ। ਖ਼ਾਸ ਤੌਰ ’ਤੇ ਅਮਰੀਕਾ ਨਾਲ ਜਾਰੀ Trade War ਨੂੰ ਲੈ ਕੇ ਪਾਰਟੀ ਅੰਦਰ ਮਤਭੇਦ ਹਨ। ਕੁਝ ਕੰਜ਼ਰਵੇਟਿਵ ਕੈਨੇਡਾ ਦੀ sovereignty ਦੀ ਹੋਰ ਮਜ਼ਬੂਤੀ ਨਾਲ ਰੱਖਿਆ ਕਰਨ ਦੀ ਮੰਗ ਕਰਦੇ ਹਨ, ਜਦਕਿ ਦੂਜਾ ਧੜਾ ਅਮਰੀਕਾ ਨਾਲ ਸਬੰਧਾਂ ਵਿੱਚ ਸਮਝੌਤੇ ਦੀ ਗੱਲ ਕਰਦਾ ਹੈ। ਪਾਰਟੀ ਦੇ ਪੰਜ ਮੈਂਬਰ ਲਿਬਰਲਾਂ ਵਿੱਚ ਸ਼ਾਮਲ ਹੋ ਚੁੱਕੇ ਹਨ ਜਾਂ ਪਾਰਟੀ ਛੱਡ ਚੁੱਕੇ ਹਨ, ਜਦਕਿ ਦੋ ਹੋਰਾਂ ਨੇ ਜਲਦੀ ਅਹੁਦਾ ਛੱਡਣ ਦਾ ਐਲਾਨ ਕੀਤਾ ਹੈ। ਮਾਹਿਰਾਂ ਮੁਤਾਬਕ ਪਤਝੜ ਦੇ ਸੈਸ਼ਨ ਵਿੱਚ ਟੈਰਿਫ, ਅਰਥਵਿਵਸਥਾ ਅਤੇ ਅਮਰੀਕਾ ਨਾਲ ਵਪਾਰਕ ਵਿਵਾਦ ਮੁੱਖ ਮੁੱਦੇ ਰਹਿਣਗੇ। ਇਸ ਦੌਰਾਨ ਬੀ.ਸੀ. ਕੰਜ਼ਰਵੇਟਿਵ ਪਾਰਟੀ ਵਿੱਚ ਵੀ ਅੰਦਰੂਨੀ ਉਥਲ-ਪੁਥਲ ਜਾਰੀ ਹੈ ਅਤੇ ਨੌਂ ਵਿਧਾਇਕ ਪਾਰਟੀ ਛੱਡ ਚੁੱਕੇ ਹਨ। ਪੈਂਟਿਕਟਨ ਵਿੱਚ ਹੋ ਰਹੀ ਮੀਟਿੰਗ ਰਾਹੀਂ ਕੰਜ਼ਰਵੇਟਿਵ ਪਾਰਟੀ ਅੱਗ ਨਾਲ ਪ੍ਰਭਾਵਿਤ ਓਕਾਨਾਗਨ ਖੇਤਰ ਨਾਲ ਇਕਜੁੱਟਤਾ ਦਿਖਾਉਣ ਅਤੇ ਸਥਾਨਕ ਹੋਟਲਾਂ ਤੇ ਰੈਸਟੋਰੈਂਟਾਂ ਨੂੰ ਆਰਥਿਕ ਸਹਾਇਤਾ ਦੇਣ ਦੀ ਕੋਸ਼ਿਸ਼ ਵੀ ਕਰ ਰਹੀ ਹੈ।