7 hours ago
Swift News
ਬ੍ਰਿਟਿਸ਼ ਕੋਲੰਬੀਆ ਦੇ ਟੰਬਲਰ ਰਿਜ ਵਿੱਚ 10 ਫਰਵਰੀ ਨੂੰ ਹੋਈ ਸਮੂਹਿਕ ਗੋਲੀਬਾਰੀ, ਜਿਸ ਵਿੱਚ ਅੱਠ ਲੋਕਾਂ ਦੀ ਮੌਤ ਹੋਈ ਸੀ, ਬਾਰੇ ਅਮਰੀਕੀ ਜਾਂਚ ਏਜੰਸੀ ਐੱਫ.ਬੀ.ਆਈ. ਦੇ ਨਵੇਂ ਦਸਤਾਵੇਜ਼ਾਂ ਨੇ ਹਥਿਆਰਾਂ ਬਾਰੇ ਅਹਿਮ ਜਾਣਕਾਰੀ ਸਾਹਮਣੇ ਲਿਆਂਦੀ ਹੈ। ਦਸਤਾਵੇਜ਼ਾਂ ਮੁਤਾਬਕ, 18 ਸਾਲਾ ਜੈਸੀ ਵੈਨ ਰੂਟਸੇਲਾਰ ਨੇ ਕਥਿਤ ਤੌਰ ’ਤੇ ਹਮਲੇ ਤੋਂ ਪਹਿਲਾਂ ਕਈ ਮਹੀਨਿਆਂ ਤੱਕ ਹਥਿਆਰ ਇਕੱਠੇ ਕੀਤੇ ਸਨ। ਤਸਵੀਰਾਂ ਵਿੱਚ ਸ਼ਾਟਗਨ, ਟੈਲੀਸਕੋਪਿਕ ਸਾਈਟ ਵਾਲੀ ਰਾਈਫਲ ਅਤੇ ਸਬਮਸ਼ੀਨ ਗਨ ਦਿਖਾਈ ਦਿੰਦੀਆਂ ਹਨ। ਐੱਫ.ਬੀ.ਆਈ. ਮੁਤਾਬਕ, ਉਸ ਨੇ ਇਹ ਤਸਵੀਰਾਂ ਜੇਮਜ਼ ਕੋਡੀ ਬ੍ਰਾਇੰਟ ਨਾਲ ਸਾਂਝੀਆਂ ਕੀਤੀਆਂ ਸਨ, ਜਿਸ ਨੂੰ ਵਿਦੇਸ਼ ਵਿੱਚ ਕਤਲ ਦੀ ਸਾਜ਼ਿਸ਼ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਫ.ਬੀ.ਆਈ. ਨੇ ਕਿਹਾ ਕਿ ਫਿਲਹਾਲ ਕੋਈ ਸੰਕੇਤ ਨਹੀਂ ਕਿ ਹਥਿਆਰ ਅਮਰੀਕਾ ਤੋਂ ਲਿਆਂਦੇ ਗਏ ਸਨ। ਦਸਤਾਵੇਜ਼ਾਂ ਅਨੁਸਾਰ, ਵੈਨ ਰੂਟਸੇਲਾਰ ਕੋਲ ਐੱਸ.ਕੇ.ਐੱਸ. ਰਾਈਫਲ ਵੀ ਸੀ, ਜੋ ਕੈਨੇਡਾ ਵਿੱਚ ਕਾਨੂੰਨੀ ਰਹੀ ਹੈ। ਕੈਨੇਡੀਅਨ ਪੁਲਿਸ ਨੇ ਜਾਂਚ ਜਾਰੀ ਹੋਣ ਕਾਰਨ ਹਥਿਆਰਾਂ ਦੇ ਪੂਰੇ ਵੇਰਵੇ ਜਨਤਕ ਨਹੀਂ ਕੀਤੇ। ਪਬਲਿਕ ਸੇਫਟੀ ਮੰਤਰੀ ਗੈਰੀ ਆਨੰਦਸੰਗਰੀ ਨੇ ਦੱਸਿਆ ਕਿ ਮਾਹਿਰਾਂ ਦਾ ਪੈਨਲ ਸਮੀਖਿਆ ਕਰ ਰਿਹਾ ਹੈ ਕਿ ਕੀ ਐੱਸ.ਕੇ.ਐੱਸ. ਰਾਈਫਲਾਂ ’ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਸਰਕਾਰ ਮਾਹਿਰਾਂ ਦੀ ਸਲਾਹ ਦੇ ਆਧਾਰ ’ਤੇ ਫ਼ੈਸਲਾ ਕਰੇਗੀ।