17 hours ago
Swift News
ਵੈਨਕੂਵਰ ਪੁਲਿਸ ਦੇ 26 ਸਾਲਾਂ ਤੋਂ ਸੇਵਾ ਕਰ ਰਹੇ ਅਧਿਕਾਰੀ ਕਲਵਿੰਦਰ ਦੋਸਾਂਝ ਨੇ ਆਪਣੇ ਖ਼ਿਲਾਫ਼ ਲੱਗੇ 30 ਲੱਖ ਡਾਲਰ ਤੋਂ ਵੱਧ ਦੇ ਕਥਿਤ ਧੋਖਾਧੜੀ ਅਤੇ ਚੋਰੀ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਦੋਸਾਂਝ, ਜੋ Kids Play Foundation ਨਾਲ ਨੌਜਵਾਨਾਂ ਨੂੰ ਗੈਂਗਾਂ ਤੋਂ ਦੂਰ ਰੱਖਣ ਵਾਲੇ ਕੰਮ ਲਈ ਜਾਣੇ ਜਾਂਦੇ ਹਨ, ਉੱਤੇ ਚਾਰ ਫਰਾਡ, ਚਾਰ ਚੋਰੀ ਅਤੇ ਇੱਕ ਬ੍ਰੀਚ ਆਫ ਟਰੱਸਟ ਦੇ ਦੋਸ਼ ਲੱਗੇ ਹਨ।
ਪੁਲਿਸ ਮੁਤਾਬਕ ਇਹ ਕਥਿਤ ਅਪਰਾਧ 2017 ਤੋਂ 2025 ਦਰਮਿਆਨ ਹੋਏ ਅਤੇ ਜਾਂਚ ਵਿੱਚ 19 ਪੀੜਤਾਂ ਨੂੰ ਲੱਖਾਂ ਡਾਲਰ ਦਾ ਨੁਕਸਾਨ ਹੋਣ ਦੀ ਗੱਲ ਸਾਹਮਣੇ ਆਈ ਹੈ। ਦੋਸਾਂਝ ਨੇ ਮੰਗਲਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਸਾਰੇ ਦੋਸ਼ਾਂ ਤੋਂ ਸਾਫ਼ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ 26 ਸਾਲ ਤੋਂ ਵੱਧ ਸਮਾਂ ਕਮਿਊਨਿਟੀ ਦੀ ਸੇਵਾ ਵਿੱਚ ਲਗਾਇਆ ਹੈ ਅਤੇ ਉਹ ਅਦਾਲਤ ਵਿੱਚ ਆਪਣਾ ਨਾਮ ਸਾਫ਼ ਕਰਨ ਲਈ ਤਿਆਰ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਵਕੀਲ ਅਤੇ ਨਿਆਂ ਪ੍ਰਣਾਲੀ ’ਤੇ ਪੂਰਾ ਭਰੋਸਾ ਹੈ।
ਉਨ੍ਹਾਂ ਦੇ ਵਕੀਲ Joven Narwal ਨੇ Vancouver Police Department ਵੱਲੋਂ ਕੀਤੀ ਗਈ ਜਾਂਚ ਦੀ independence ਅਤੇ objectivity ’ਤੇ ਸਵਾਲ ਚੁੱਕੇ ਹਨ। ਵਕੀਲ ਦਾ ਕਹਿਣਾ ਹੈ ਕਿ ਦੋਸਾਂਝ ਨੂੰ ਕਾਨੂੰਨ ਅਨੁਸਾਰ ਬੇਕਸੂਰ ਮੰਨਿਆ ਜਾਣਾ ਚਾਹੀਦਾ ਹੈ, ਜਦੋਂ ਤੱਕ ਅਦਾਲਤ ਵਿੱਚ ਦੋਸ਼ ਸਾਬਤ ਨਹੀਂ ਹੁੰਦੇ।
ਪੁਲਿਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ ਅਤੇ ਹੋਰ ਪੀੜਤ ਤੇ ਹੋਰ ਦੋਸ਼ ਸਾਹਮਣੇ ਆ ਸਕਦੇ ਹਨ। ਦੋਸਾਂਝ ਨੂੰ ਬਿਨਾਂ ਤਨਖਾਹ ਮੁਅੱਤਲ ਕਰਨ ਦੀ ਸਿਫਾਰਸ਼ ਵੀ ਕੀਤੀ ਗਈ ਹੈ।